ਨਰਿੰਦਰ ਪਾਲ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਡੇਢ ਮਹੀਨੇ ਤੋਂ ਆਪਣੇ ਕਹੇ ਬੋਲਾਂ ਕਾਰਣ ਚਰਚਾ ਵਿੱਚ ਹਨ ਲੇਕਿਨ ਉਨ੍ਹਾਂ ਦੇ ਇਹ ਬਿਆਨ ਅਜੇ ਤੀਕ ਅਮਲ ਵਿਹੂਣੇ ਹਨ । ਪਹਿਲੀ ਵਾਰ ਜਦੋਂ ਗਿਆਨੀ ਜੀ ਨੇ ਜੂਨ 84 ਦੇ ਘਲੂਘਾਰੇ ਮੌਕੇ ਪੱਤਰਕਾਰਾਂ ਵੱਲੋਂ ਪੁਛੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ‘ਖਾਲਿਸਤਾਨ ਦੁਨੀਆਂ ਭਰ ਵਿੱਚ ਵਿਚਰ ਰਹੇ ਸਿੱਖ ਦੀ ਇੱਛਾ ਹੈ ਜੇ ਹਿੰਦੁਸਤਾਨ ਸਰਕਾਰ ਸਾਨੂੰ ਦੇਵੇਗੀ ਤਾਂ ਲੈ ਲਵਾਂਗੇ ….. ‘ ਗਿਆਨੀ ਜੀ ਦੇ ਇਸ ਬਿਆਨ ਦੀ ਪੰਥਕ ਹਲਕਿਆਂ ਤੇ ਸਿੱਖ ਚਿੰਤਕਾਂ ਅੰਦਰ ਕਈ ਦਿਨ ਪੜਚੋਲ ਹੁੰਦੀ ਰਹੀ । ਸ਼ੱਕ ਦੀ ਨਿਗਾਹ ਨਾਲ ਵੇਖਿਆ ਗਿਆ ਕਿ ਸ਼ਾਇਦ ਇਹ ਗਿਆਨੀ ਜੀ ਨੂੰ ਆਰਥਿਕ ਤੌਰ ਤੇ ਪਾਲਣ ਵਾਲੀ ਸ਼੍ਰੋਮਣੀ ਕਮੇਟੀ ਦੇ ਸਿਆਸੀ ਮਾਲਕਾਂ ਦੇ ਹੁਕਮ ਹੋਇਆ ਹੈ ।

ਇਸ ਬਿਆਨ ਦੇ ਇੱਕ ਮਹੀਨੇ ਬਾਅਦ ਹੀ 4 ਜੁਲਾਈ ਵਾਲੇ ਦਿਨ ਕੁਝ ਸਿੱਖ ਸੰਸਥਾਵਾਂ ਵਲੋਂ ਰੈਫਰੈਂਡਮ ਕਰਵਾਏ ਜਾਣ ਦੀ ਖਬਰ ਸਾਹਮਣੇ ਆਈ ਤਾਂ ਪੁਲਿਸ ਪ੍ਰਸ਼ਾਸ਼ਨ ਨੇ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਚੌਗਿਰਦੇ, ਅੰਦਰੂਨੀ ਪ੍ਰਕਰਮਾ ਅਤੇ ਅਕਾਲ ਤਖਤ ਸਾਹਿਬ ਉਪਰ ਕਬਜਾ ਕਰ ਲਿਆ ਕਿ ਕੋਈ ਸਿੱਖ ਰੈਫਰੈਂਡਮ ਦੀ ਅਰਦਾਸ ਨਾ ਜਾਵੇ । ਪੂਰੇ ਪੰਜਾਬ ਵਿੱਚ ਗਰਮ ਖਿਆਲੀ ਮੰਨੇ ਜਾਂਦੇ ਸਿੱਖ ਨੌਜੁਆਨਾਂ ਦੇ ਘਰਾਂ ਤੇ ਪੁਲਿਸ ਦੀ ਦਬਿਸ਼ ਤੇਜ਼ ਹੋ ਗਈ । ਕੁਝ ਗ੍ਰਿਫਤਾਰ ਵੀ ਕਰ ਲਏ ਗਏ ਲੇਕਿਨ ਗਿਆਨੀ ਜੀ ਨੇ ਇਨ੍ਹਾਂ ਹਾਲਾਤਾਂ ਬਾਰੇ ਇਹੀ ਟਿਪਣੀ ਕੀਤੀ ਕਿ ਖਾਲਿਸਤਾਨ ਆੜ ਹੇਠ ਫੜੇ ਗਏ ਨੌਜੁਆਨਾਂ ਦੇ ਕੇਸਾਂ ਦੀ ਪੈਰਵਾਈ ਸ਼੍ਰੋਮਣੀ ਕਮੇਟੀ ਕਰੇਗੀ ਲੇਕਿਨ ਉਨ੍ਹਾਂ ਦੇ ਇਸ ਆਦੇਸ਼ ਨੂੰ ਮੰਨਿਆ ਕਿਸਨੇ?

ਆਮ ਆਦਮੀ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਪੀੜਤ ਪ੍ਰੀਵਾਰਾਂ ਦੀ ਸਾਰ ਲੈਣ ਜਰੂਰ ਪੁੱਜੇ ਤੇ ਇੱਕ ਮਾਮਲੇ ਵਿੱਚ ਨੌਜੁਆਨ ਦੀ ਰਿਹਾਈ ਕਰਵਾਣ ਵਿੱਚ ਸਫਲ ਵੀ ਹੋਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੂੰ ਇਲਾਹੀ ਹੁਕਮ ਦੱਸਕੇ ਵਿਰੋਧੀਆਂ ਨੂੰ ਡਰਾਉਣ ਵਾਲੀ ਸ਼੍ਰੋਮਣੀ ਕਮੇਟੀ ਕਿਥੇ ਰਹਿ ਗਈ ?

ਸ਼ਾਇਦ ਇਹ ਸਵਾਲ ਅਜੇ ਤੀਕ ਗਿਆਨੀ ਜੀ ਵੀ ਨਹੀਂ ਕਰ ਸਕੇ ਕਮੇਟੀ ਨੂੰ । ਜਥੇਦਾਰ ਜੀ ਦਾ ਸਭ ਤੋਂ ਚਰਚਾ ਵਿੱਚ ਕੀਰਤਪੁਰ ਸਾਹਿਬ ਵਿਖੇ ਦਿੱਤਾ ਭਾਸ਼ਣ ਹੈ । ਇਤਿਹਾਸ ਦੀਆਂ ਪਰਤਾਂ ਖੋਹਲਦਿਆਂ ਗਿਆਨੀ ਹਰਪ੍ਰੀਤ ਸਿੰਘ ਮੁਗਲ ਕਾਲ ਦੇ ਕੱਟੜਵਾਦੀ ਹਾਕਮਾਂ ਦਾ ਜਿਕਰ ਕਰਦੇ ਹਨ ਉਥੇ ਦੇਸ਼ ਦੀ ਸੱਤਾ ਤੇ ਕਾਬਜ ਮੌਜੂਦਾ ਕੱਟੜਵਾਦ ਦੀ ਗਲ ਵੀ ਕਰਦੇ ਹਨ। ਤਾੜਨਾ ਕਰਦੇ ਹਨ ਕਿ ਉਹ ਰਾਜ ਵੀ ਕੱਟੜਤਾ ਕਰਕੇ ਜਾਂਦਾ ਰਿਹਾ ਤੇ ਇਹ ਵੀ ਕੱਟੜਤਾ ਕਰਕੇ ਹੀ ਖਤਮ ਹੋਵੇਗਾ। ਪੰਥਕ ਹਲਕਿਆਂ ਵਿੱਚ ਗਿਆਨੀ ਜੀ ਦੇ ਇਸ ਭਾਸ਼ਣ ਨੂੰ ਅਧੂਰਾ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਐਸੀ ਕੱਟੜਵਾਦੀ ਤਾਕਤ ਨਾਲ ਸਿੱਝਣ ਲਈ ਲੋਕਾਂ ਅਤੇ ਉਨ੍ਹਾਂ ਦੀ ਅਗਵਾਈ ਕਰਨ ਵਾਲਿਆਂ ਦਾ ਜਿਕਰ ਨਹੀਂ ਕੀਤਾ ।

ਇਹ ਜਰੂਰ ਪੁਛਿਆ ਜਾ ਰਿਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਸਮੇਂ ਦੀ ਕੱਟੜਵਾਦੀ ਹਕੂਮਤ ਤੇ ਉਸਦੀਆਂ ਘੱਟ ਗਿਣਤੀ ਵਿਰੋਧੀ ਕਾਰਵਾਈਆਂ ਦਾ ਬੋਧ ਰੱਖਦੇ ਹਨ ਤਾਂ ਫਿਰ ਇਹ ਵੀ ਭਲੀਭਾਂਤ ਜਾਣਦੇ ਹੋਣਗੇ ਕਿ ਮੌਜੂਦਾ ਕੱਟੜਵਾਦੀ ਹਕੂਮਤ ਦੀ ਸੱਤਾ ਵਿੱਚ ਭਾਈਵਾਲ ਕੌਣ ਕੌਣ ਲੋਕ ਹਨ ਤੇ ਇਨ੍ਹਾਂ ਵਿੱਚ ਪੰਥਕ ਹੋਣ ਦਾ ਦਾਅਵਾ ਕੌਣ ਕਰ ਰਹੇ ਹਨ ? ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਯਾਦ ਕਰਵਾਣਾ ਬਣਦਾ ਹੈ ਕਿ ਮੌਜੂਦਾ ਕੇਂਦਰ ਸਰਕਾਰ ਨਾਲ ਭਾਈਵਾਲੀ ਪਾਣ ਵਾਲੀ ਸਿਆਸੀ ਧਿਰ ਸ਼੍ਰੋਮਣੀ ਕਮੇਟੀ ਤੇ ਵੀ ਕਾਬਜ਼ ਹੈ । ਅਗਸਤ 2019 ਵਿੱਚ ਜਿਸ ਵੇਲੇ ਦੇਸ਼ ਦੀ ਪਾਰਲੀਮੈਂਟ , ਬਹੁਗਿਣਤੀ ਵਸੋਂ ਵਾਲੇ ਕਸ਼ਮੀਰ ਦੇ ਹੱਕ ਖੋਹਣ ਦਾ ਫੈਸਲਾ ਲੈ ਰਹੀ ਸੀ ਤਾਂ ਉਸਦੀ ਹਮਾਇਤ ਕਰਨ ਵਾਲਿਆਂ ਵਿੱਚ ਇਹ ਅਖੌਤੀ ਪੰਥਕ ਧਿਰ ਵੀ ਸ਼ਾਮਿਲ ਸੀ ।

ਗਿਆਨੀ ਜੀ ਨੇ ਦੇਸ਼ ਅੰਦਰ ਵਿਚਰ ਰਹੀਆਂ ਘੱਟ ਗਿਣਤੀ ਕੌਮਾਂ ਨਾਲ ਕੱਟੜਵਾਦੀ ਸੱਤਾਧਾਰੀ ਧਿਰ ਵਲੋਂ ਕੀਤੀਆਂ ਵਧੀਕੀਆਂ ਦਾ ਦੱਬੀ ਸੁਰ ਵਿੱਚ ਵਰਨਣ ਤਾਂ ਕੀਤਾ ਹੈ ਲੇਕਿਨ ਇਨ੍ਹਾਂ ਵਧੀਕੀਆਂ ਤੋਂ ਬਚਾਉਣ ਲਈ ਅੱਗੇ ਕੌਣ ਆਵੇਗਾ ? ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਗਿਆਨੀ ਹਰਪ੍ਰੀਤ ਸਿੰਘ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਖਿਲਾਫ ਹੀ ਕੋਈ ਪੁਖਤਾ ਕਾਰਵਾਈ ਅੰਜ਼ਾਮ ਦੇਣ ਦੀ ਇੱਛਾ ਸ਼ਕਤੀ ਰੱਖਦੇ ਹਨ ? ਇਹ ਸਵਾਲ ਇਸ ਲਈ ਹੈ ਕਿ ਜਦੋਂ ਸਿੱਖ ਨੌਜੂਆਨਾਂ ਨੂੰ ਖਾਲਿਸਤਾਨ ਦੀ ਮੰਗ ਦੇ ਹਊਏ ਦੀ ਆੜ ਹੇਠ ਜਾਂ ਦੂਸਰੇ ਕਾਲੇ ਕਾਨੂੰਨਾਂ ਤਹਿਤ ਜੇਲ੍ਹਾਂ ਵਿੱਚ ਡੱਕੇ ਜਾਣ ਦੀ ਕਵਾਇਦ ਤੇਜੀ ਫੜ ਰਹੀ ਹੈ ਤਾਂ ਗਿਆਨੀ ਜੀ ਵੀ ਤਾਂ ਉਸ ਹੀ ਪੁਲਿਸ ਦੀ ਸੁਰਖਿਆ ਹੇਠ ਵਿਚਰ ਰਹੇ ਹਨ ।

ਮੈਂ ਗਿਆਨੀ ਜੀ ਨੂੰ ਯਾਦ ਕਰਵਾਣਾ ਚਾਹਾਂਗਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲੀ ਤਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਨੇ ਬਕਾਇਦਾ ਲਿਖਤੀ ਪੱਤਰ ਰਾਹੀਂ ਦੱਸਿਆ ਸੀ ਕਿ ਸਿੱਖਾਂ ਦੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੂੰ ਸਰਕਾਰੀ ਸੁਰਖਿਆ ਦੇਣ ਦਾ ਰੁਝਾਨ ਕਦੋਂ ਸ਼ੁਰੂ ਹੋਇਆ ਇਸਦੇ ਕੀ ਕੀ ਨਤੀਜੇ ਸਾਹਮਣੇ ਆਏ ।
ਸਾਡਾ ਸਵਾਲ ਸਿਰਫ ਐਨਾ ਹੀ ਹੈ ਕਿ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਸਿਰਫ ਬਿਆਨ ਜਾਂ ਭਾਸ਼ਣ ਦੇਣ ਨਾਲ ਹੀ ਖਤਮ ਹੋ ਜਾਂਦੀ ਹੈ ? ਕੀ ਆਸ ਕੀਤੀ ਜਾਵੇ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੇ ਕਹੇ ਬੋਲਾਂ ਤੇ ਅਮਲ ਵੀ ਕਰਨਗੇ? ਕਿਉਂਕਿ ਸਿੱਖ ਕੌਮ ਲਈ ਅਕਾਲ ਤਖਤ ਸਾਹਿਬ, ਅਜਾਦ ਪ੍ਰਭੂਸੱਤਾ ਦੇ ਪ੍ਰਤੀਕ ਵਜੋਂ ਹੈ।

ਬੀਤੇ ਵਿੱਚ ਇਸ ਤਖਤ ਦੇ ਸੇਵਾਦਾਰਾਂ (ਜਥੇਦਾਰਾਂ ) ਤੇ ਇਥੇ ਅਰਦਾਸ ਕਰਕੇ ਬੇਅੰਤ ਸਿੱਖਾਂ ਨੇ ਕੌਮ ਦੀ ਅਗਵਾਈ ਕੀਤੀ ਹੈ। ਤੇ ਸਿੱਖ ਇਸ ਅਸਥਾਨ ਨੂੰ ਅੱਜ ਵੀ ਉਸੇ ਰੂਪ ਵਿੱਚ ਵੇਖਦੇ ਹਨ ਤੇ ਇਥੇ ਸੇਵਾ ਨਿਭਾਉਣ ਆਏ ਸੇਵਾਦਾਰਾਂ ਪਾਸੋਂ ਅਗਵਾਈ ਦੀ ਲੋਚਾ ਰੱਖਦੇ ਹਨ। ਸਾਡੇ ਸਾਹਮਣੇ ਸ਼੍ਰੋਮਣੀ ਕਮੇਟੀ ਦਾ ਦੋ ਦਹਾਕਿਆਂ ਦਾ ਉਹ ਇਤਿਹਾਸ ਵੀ ਮੌਜੂਦ ਹੈ ਜਿਥੇ ਤਖਤਾਂ ਦੇ ਜਥੇਦਾਰਾਂ ਨੂੰ ਸਿਰਫ ਸਿਆਸੀ ਹਿੱਤਾਂ ਦੀ ਪੂਰਤੀ ਲਈ ਹੀ ਵਰਤਿਆ ਗਿਆ ।

ਜਿਸ ਵੀ ਜਥੇਦਾਰ ਨੇ ਸਿਆਸੀ ਗਲਬੇ ਹੇਠ ਦੱਬੀ ਕਮੇਟੀ ਜਾਂ ਇਸਦੇ ਸਿਆਸੀ ਅਕਾਵਾਂ ਨੂੰ ਅਗਵਾਈ ਦੇਣ ਦੀ ਕੋਸ਼ਿਸ਼ ਕੀਤੀ ਉਸਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਤੇ ਜਿਸਨੇ ਕੌਮੀ ਭਾਵਨਾਵਾਂ ਦੀ ਅਣਦੇਖੀ ਕਰਦਿਆਂ ਸਿਰਫ ਸਿਆਸੀ ਮਾਲਕਾਂ ਦੀ ਜੀ ਹਜੂਰੀ ਕੀਤੀ ਉਹ ਸੇਵਾ ਮੁਕਤੀ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਦੀ ਮਿਹਰ ਦੇ ਪਾਤਰ ਰਹੇ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.